ਇਹ ਸਮੱਗਰੀ ਉਨ੍ਹਾਂ ਸਾਰੇ ਲੋਕਾਂ ਲਈ ਹੈ ਜਿਹੜੇ ਮਾਨਸਿਕ ਰੋਗਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹਨ। ਕਿਸੇ ਮਾਨਸਿਕ ਰੋਗ ਜਾਂ ਨਸ਼ੇ ਦੀ ਆਦਤ ਨਾਲ ਰਹਿ ਰਹੇ ਲੋਕ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ ਇਸ ਵਿੱਚ ਸ਼ਾਮਲ ਹਨ। ਸਾਰੇ ਸਭਿਆਚਾਰਾਂ ਵਿੱਚ ਇਨ੍ਹਾਂ ਸਮੱਸਿਆਵਾਂ ਨੂੰ ਸਮਝਣਾ ਅਤੇ ਇਨ੍ਹਾਂ ਬਾਰੇ ਗੱਲ ਕਰਨਾ ਔਖਾ ਹੋ ਸਕਦਾ ਹੈ। ਇਹ ਸਮੱਸਿਆਵਾਂ ਕਿੰਨੀਆਂ ਆਮ ਹਨ, ਇਹ ਕਿਸ ਤਰ੍ਹਾਂ ਦੀਆਂ ਜਾਪਦੀਆਂ ਹਨ ਅਤੇ ਕਿਸ ਤਰ੍ਹਾਂ ਮਦਦ ਲੈਣੀ ਹੈ, ਇਸ ਸਬੰਧੀ ਭਰੋਸੇਯੋਗ ਤੱਥ ਪ੍ਰਦਾਨ ਕਰਕੇ ਅਸੀਂ ਇਸ ਬਾਰੇ ਗੱਲ ਬਾਤ ਕਰਨ ਨੂੰ ਸੌਖਾ ਬਣਾਉਣਾ ਚਾਹੁੰਦੇ ਹਾਂ। ਭਾਵੇਂ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ ਜਾਂ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹੋ, ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਇਨ੍ਹਾਂ ਸਮੱਸਿਆਵਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨੀ ਇੱਕ ਮਹੱਤਵਪੂਰਨ ਕਦਮ ਹੈ। ਸਾਡੀ ਜਾਣਕਾਰੀ 'ਤੇ ਭਰੋਸਾ ਕੀਤੇ ਜਾ ਸਕਣ ਦੇ ਦੋ ਕਰਨ ਹਨ। ਪਹਿਲਾ ਕਾਰਨ, ਇਸ ਜਾਣਕਾਰੀ ਨੂੰ ਤਿਆਰ ਕਰਨ ਵਾਲੇ ਲੋਕ ਉੱਤਮ ਖੋਜ ਨੂੰ ਆਪਣੇ ਕੰਮ ਦਾ ਆਧਾਰ ਬਣਾਉਂਦੇ ਹਨ। ਸਾਡੇ ਗਰੁੱਪ ਦਾ ਨਾਂ ਬੀ.ਸੀ. ਪਾਰਟਨਰਜ਼ ਫੌਰ ਮੈਂਟਲ ਹੈਲਥ ਐਂਡ ਐਡੀਕਸ਼ਨਜ਼ ਹੈ। ਇਹ ਬ੍ਰਿਟਿਸ਼ ਕੋਲੰਬਿਆ, ਕੈਨੇਡਾ ਵਿੱਚ ਲੋਕਾਂ ਨੂੰ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਸਬੰਧੀ ਜਾਗਰੁਕ ਕਰਨ ਵਾਸਤੇ ਰਲ਼ ਕੇ ਕੰਮ ਕਰ ਰਹੀਆਂ ਸੱਤ ਗ਼ੈਰ-ਮੁਨਾਫ਼ਾ ਏਜੰਸੀਆਂ ਦਾ ਇੱਕ ਗਰੁੱਪ ਹੈ। ਇਸ ਕੰਮ ਲਈ ਬੀ.ਸੀ. ਦੀ ਸਰਕਾਰ ਸਾਨੂੰ ਫ਼ੰਡਿੰਗ ਦਿੰਦੀ ਹੈ ਅਤੇ ਸਾਡੀ ਹਮਾਇਤ ਕਰਦੀ ਹੈ।